Shayri.com

Shayri.com (http://www.shayri.com/forums/index.php)
-   Punjabi Poetry (http://www.shayri.com/forums/forumdisplay.php?f=46)
-   -   ਆਸਟਰੇਲੀਆ ਆ ਰਹੇ ਹੋ... ਜੀ ਆਇਆਂ ਨੂੰ (http://www.shayri.com/forums/showthread.php?t=64472)

rishi22722 26th January 2009 12:31 PM

ਆਸਟਰੇਲੀਆ ਆ ਰਹੇ ਹੋ... ਜੀ ਆਇਆਂ ਨੂੰ
 
ਅੱਜ ਦੇ ਇਸ ਲੇਖ ਵਿੱਚ ਮੈਂ ਪਮੁੱਖ ਤੌਰ ਤੇ ਉਹਨਾਂ ਪਾਠਕ ਵੀਰਾਂ ਨੂੰ ਸੰਬੋਧਿਤ ਹੋਣਾ ਚਾਹੁੰਦਾ ਹਾਂ, ਜੋ ਖ਼ੁਦ ਜਾਂ ਜਿਨ੍ਹਾਂ ਦੇ ਬੱਚੇ ਆਸਟਰੇਲੀਆ ਪੜ੍ਹਾਈ ਲਈ ਆਉਣਾ ਚਾਹੁੰਦੇ ਹਨ । ਜਦ ਅਸੀਂ ਆਪਣੇ ਵਤਨ ਵਿੱਚ ਹੁੰਦੇ ਹਾਂ ਤਾਂ ਏਜੰਟ ਸਾਨੂੰ ਘਰ ਬੈਠਿਆਂ ਹੀ ਮੈਲਬੌਰਨ ਦੀ “ਫਲਿੰਡਰ ਸਟਰੀਟ” “ਯਾਰਾ ਰਿਵਰ” ਤੇ “ਐਲਿਜ਼ਬੈਥ ਸਟਰੀਟ” ਆਦਿ ਦੇ ਨਜ਼ਾਰੇ ਦਿਖਾ ਦਿੰਦੇ ਹਨ । ਕਈ ਹੋਰ ਪਹੁੰਚੇ ਹੋਏ ਏਜੰਟ “ਕਰਾਊਨ” ਦੀ ਸੈਰ ਵੀ ਕਰਵਾ ਦਿੰਦੇ ਹਨ, ਜਿੱਥੇ ਕਿ ਸਲਾਮ ਨਮਸਤੇ ਦੀ ਸ਼ੂਟਿੰਗ ਹੋਈ ਸੀ । ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੱਥੇ ਪੱਕਾ ਹੋਣ ਦੇ ਸੁਪਨੇ ਤਾਂ ਹਰ ਆਉਣ ਵਾਲਾ ਤੇ ਉਸਦੇ ਘਰ ਵਾਲੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਹੀ ਤੱਕਣੇ ਸ਼ੁਰੂ ਕਰ ਦਿੰਦੇ ਹਨ । ਇੱਕ ਵਾਰ ਪੱਕਾ ਹੋਣ ਤੋਂ ਬਾਅਦ ਐਸ਼ੋ-ਆਰਾਮ ਭਰੀ ਜਿੰਦਗੀ ਕਿਸਨੂੰ ਨਹੀਂ ਦਿਸਦੀ । ਸਭ ਨੂੰ ਜਾਪਦਾ ਹੈ ਕਿ ਦੋ ਸਾਲ ਮਿਹਨਤ ਤੇ ਮੁੜ ਸਾਰਾ ਪਰਿਵਾਰ ਆਸਟਰੇਲੀਆ ਵਿਚ, ਪਰ ਸਚਾਈ ਇਸ ਤੋਂ ਕੋਹਾਂ ਦੂਰ ਹੈ । ਹੋ ਸਕਦਾ ਹੈ ਬਹੁਤੇ ਪਾਠਕ ਇਸ ਲੇਖਣੀ ਨੂੰ ਬਹੁਤਾ ਚੰਗਾ ਨਾ ਸਮਝਣ ਇਹ ਸੋਚ ਕੇ, ਕਿ ਖੁਦ ਤਾਂ ਮੈਲਬੌਰਨ ਦੇ ਬੁੱਲ੍ਹੇ ਲੁੱਟ ਰਿਹਾ ਹੈ ਤੇ ਸਾਨੂੰ ਸਹੀ ਰਸਤਾ ਨਹੀਂ ਦਿਖਾ ਰਿਹਾ । ਆਸਟਰੇਲੀਆ ਦੀ ਰੁਝੇਵੇਂ ਭਰੀ ਜਿੰਦਗੀ ਵਿੱਚ ਹਰ ਕਿਸੇ ਕੋਲ ਸਮੇਂ ਦੀ ਕਮੀ ਹੈ । ਅੱਜ ਤੋਂ ਪਹਿਲਾਂ ਜੋ ਕੁਝ ਵੀ ਲਿਖਿਆ ਉਹ ਪੰਜਾਬੀ ਮਾਂ-ਬੋਲੀ ਜਾਂ ਸਾਹਿਤ ਦੀ ਸੇਵਾ ਸਮਝ ਕੇ ਲਿਖਿਆ ਪਰ ਅੱਜ ਪੰਜਾਬ ‘ਚ ਬੈਠੇ ਆਪਣੇ ਹਮਵਤਨਾਂ ਪ੍ਰਤੀ ਫਰਜ਼ ਸਮਝ ਕੇ ਕਲਮ ਚਲਾ ਰਿਹਾ ਹਾਂ । ਇੱਥੋਂ ਦੇ ਮੇਰੇ ਥੋੜੇ ਸਮੇਂ ਦੇ ਪ੍ਰਵਾਸ ਦੌਰਾਨ ਜੋ ਚੰਗੇ-ਮਾੜੇ ਅਨੁਭਵ ਹੋਏ ਉਹ ਸਭ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ।
ਵਿਦੇਸ਼ ਪ੍ਰਵਾਸ ਦੀ ਪੌੜੀ ਦਾ ਸਭ ਤੋਂ ਪਹਿਲਾ ਡੰਡਾ ਏਜੰਟ ਹੁੰਦਾ ਹੈ । ਜਿੰਨ੍ਹਾ ਦੇ ਦਿਖਾਏ ਸੁਪਨੇ ਜੋ ਕੋਈ ਤੱਕ ਲੈਂਦਾ ਹੈ, ਮੁੜ ਉਹ ਪੰਜਾਬ ਵਿੱਚ ਕਿਸੇ ਕੰਮ ਜੋਗਾ ਨਹੀਂ ਰਹਿੰਦਾ । ਵਰਨਣਯੋਗ ਹੈ ਕਿ ਜਿਨ੍ਹੇ ਵੀ ਭਾਰਤੀਆਂ ਨੂੰ ਇੱਥੇ ਮਿਲਿਆ ਹਾਂ, ਪੰਜਾਬੀ ਹੀ ਆਟੇ ਬਰਾਬਰ ਹਨ ਤੇ ਬਾਕੀ ਰਾਜਾਂ ਦੇ ਰਹਿਣ ਵਾਲੇ ਨਮਕ ਬਰਾਬਰ । ਆਸਟਰੇਲੀਆ ਵਿੱਚ ਅਨੇਕਾਂ ਹਮਵਤਨਾਂ ਨੂੰ ਮਿਲਿਆ ਪਰ ਕਦੀ ਕਿਸੇ ਨੂੰ ਇੰਝ ਹੱਸਦਿਆਂ ਜਾਂ ਖੁਸ਼ ਨਹੀਂ ਦੇਖਿਆ ਕਿ ਮੈਨੂੰ ਕੋਈ ਪੰਜਾਬੀ ਬਜੁ਼ਰਗ ਇਹ ਕਹਿੰਦਾ ਯਾਦ ਆ ਜਾਵੇ “ਚੁੱਪ ਵੀ ਕਰਜਾ ਕੰਜਰਾ, ਕਿਵੇਂ ਹਿੜ-ਹਿੜ ਲਾਈ ਐ । ਸਹੁਰੀ ਦਾ ਬਿਨਾਂ ਗੱਲੋਂ ਹੀ ਦੰਦੀਆਂ ਕੱਢੀ ਜਾਂਦੈ ।” ਇੰਝ ਜਾਪਦਾ ਹੈ ਕਿ ਜਿਵੇਂ ਸਭ ਹੱਸ ਕੇ ਜਾਂ ਮੁਸਕਰਾ ਕੇ “ਕਿਸੇ ਸਰਕਾਰੀ ਫਾਈਲ ਦਾ ਘਰ ਪੂਰਾ ਕਰ ਰਹੇ ਹਨ ।” ਖੁਸ਼ੀਆਂ ਤੇ ਖੇੜੇ, ਹਾਸੇ ਤੇ ਠੱਠੇ ਪੰਜਾਬੀਆਂ ਦਾ ਅਜਿਹਾ ਗਹਿਣਾ ਹੈ, ਜਿਸ ਨਾਲ ਸਭ ਦੀ ਬੜੀ ਡੂੰਘੀ ਸਾਂਝ ਹੈ ਪਰ ਇੱਥੇ ਤਾਂ ਸਭ ਦੇ ਚਿਹਰੇ ਉਦਾਸੇ ਤੇ ਮਸੋਸੇ ਜਾਪਦੇ ਹਨ । ਨਵੇਂ ਆਏ ਹੋਣ ਕਰਕੇ ਅਜੇ ਸਾਡੀ ਕੋਈ ਖਾਸ ਜਾਣ ਪਹਿਚਾਣ ਨਹੀਂ ਹੈ । ਬਾਕੀ ਆਸਟਰੇਲੀਆ ਦੇ ਮਾਹੌਲ ‘ਚ ਨਹੀਂ ਰੰਗੇ ਹੋਣ ਕਰਕੇ, ਜਿਸ ਨੂੰ ਵੀ ਸੂਤ ਲੱਗੇ ਬੁਲਾ ਹੀ ਲਈਦਾ ਹੈ । ਜਿਸ ਨਾਲ਼ ਵੀ ਗੱਲ ਕਰੀਏ ਗਿਣਤੀ ਦੇ ਹੀ ਸੁਆਲ ਜੁਆਬ ਹੁੰਦੇ ਹਨ ।


“ਕਦੋਂ ਆਏ?”


“ਪੱਕੇ ਹੋ ਕੇ ਆਏ ਜਾਂ ਪੜ੍ਹਾਈ ਬੇਸ ‘ਤੇ ?”


“ਕਿਹੜਾ ਕੋਰਸ ਹੈ?”


“ਕਿਸ ਨਾਲ਼ ਰਹਿੰਦੇ ਹੋ?”


“ਪੰਜਾਬ ਵਿੱਚ ਕਿੱਥੋਂ ਆਏ ਹੋ?”


ਸਭ ਦੀ ਗੱਲ ਬਾਤ ਦਾ ਯਕੀਨਨ ਇੱਕ ਹੀ ਅੰਤ ਹੁੰਦਾ ਹੈ ਕਿ ਜੌਬ ਮਿਲੀ ਕਿ ਨਹੀਂ । ਜੇਕਰ ਕਦੀ ਗੱਲ-ਬਾਤ ਖਿੱਚੀ ਵੀ ਜਾਵੇ ਤਾਂ ਜੌਬ ਤੋਂ ਅੱਗੇ ਤਾਂ ਵਧਦੀ ਹੀ ਨਹੀਂ, ਇਸੇ ਸ਼ਬਦ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਜਿਹੜੇ ਪੰਜਾਬੀ ਪੁੱਤ ਪੰਜਾਬ ਵਿੱਚ ਰਹਿੰਦਿਆਂ ਟੀਟਣੀਆਂ ਮਾਰਦੇ ਹੁੰਦੇ ਹਨ, ਇੱਥੇ ਨਿੱਕੀ ਤੋਂ ਨਿੱਕੀ ਜੌਬ ਲਈ ਤਰਸਦੇ ਹਨ । ਹਫ਼ਤੇ ਵਿੱਚ 20 ਘੰਟੇ ਕੰਮ ਕਰਕੇ ਫ਼ੀਸ ਕੱਢਣ ਦਾ ਸੁਪਨਾ ਤੜੱਕ ਕਰਕੇ ਟੁੱਟ ਜਾਂਦਾ ਹੈ । ਪਤਾ ਉਦੋਂ ਲੱਗਦਾ ਹੈ ਜਦੋਂ ਅਗਲੇ ਛੇ ਮਹੀਨਿਆਂ ਦੀ ਫ਼ੀਸ ਲਈ ਘਰ ਫੋਨ ਆ ਜਾਂਦਾ ਹੈ । 4-5 ਲੱਖ ਰੁਪਇਆ ਖ਼ਰਚ ਕਰਕੇ ਪੁੱਤ/ਧੀ ਨੂੰ ਵਿਦੇਸ਼ ਵਿੱਚ ਸੈੱਟ ਕਰਨ ਬਾਰੇ ਸੋਚਣ ਵਾਲੇ ਮਾਪਿਆਂ ਲਈ ਇਹ ਪਹਿਲਾ ਝਟਕਾ ਹੁੰਦਾ ਹੈ । ਪਰ ਗਾਰੰਟੀ ਇਸ ਗੱਲ ਦੀ ਵੀ ਹੈ ਕਿ ਕੋਈ ਵੀ, ਕਿਸੇ ਹੋਰ ਨੂੰ ਇਹਨਾਂ ਕੌੜੀਆਂ ਸਚਾਈਆਂ ਤੋਂ ਜਾਣੂ ਨਹੀਂ ਕਰਵਾਉਂਦਾ । ਜੇਕਰ ਕੋਈ ਮਾੜਾ ਮੋਟਾ ਦੱਸ ਵੀ ਦੇਵੇ ਤਾਂ ਇੰਝ ਦੱਸਦਾ ਹੈ ਜਿਵੇਂ ਕਿ ਮਾਮੂਲੀ ਗੱਲ ਹੋਵੇ । ਇੱਥੇ ਬਹੁਤ ਸਾਰੇ ਲੋਕਾਂ ਨਾਲ ਗੱਲ ਬਾਤ ਹੋਈ ਕਿ ਏਜੰਟ ਸਚਾਈ ਨਹੀਂ ਦੱਸਦੇ ਤਾਂ ਹਰ ਵਾਰ ਇਹੀ ਜੁਆਬ ਮਿਲਿਆ ਕਿ ਵਤਨੀਂ ਬੈਠਾ ਇਹੀ ਸਮਝਦਾ ਹੈ ਕਿ ਆਪ ਤਾਂ ਆਸਟਰੇਲੀਆ ਪਹੁੰਚ ਗਿਆ ਤੇ ਸਾਨੂੰ ਰੋਕਦਾ ਹੈ, ਇਸ ਲਈ ਜੇਕਰ ਕੋਈ ਪੁੱਛੇ, ਤਾਂ ਵੀ ਸਭ ਨਾਲ ਹਿਸਾਬ ਸਿਰ ਹੀ ਗੱਲ ਕਰੀਦੀ ਹੈ ।


ਕੁਝ ਕੁ ਦਿਨ ਤਾਂ ਆਉਣ ਵਾਲਾ ਜਿਸ ਯਾਰ-ਦੋਸਤ ਕੋਲ ਆਇਆ ਹੁਂੰਦਾ ਹੈ, ਉਸ ਕੋਲ ਹੀ ਰੋਟੀਆਂ ਤੋੜਦਾ ਹੈ । “ਫੁੱਲ ਡੇ” ਟਿਕਟ ਲੈ ਕੇ ਚਾਂਈ-ਚਾਂਈ ਸਿਟੀ ਘੁੰਮਦਾ ਹੈ । ਸਾਰਾ ਮੈਲਬੌਰਨ ਦੋ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ । ਜੋ਼ਨ ਵਨ ਤੇ ਜ਼ੋਨ ਟੂ । ਆਉਣ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਜ਼ੋਨ ਦੀ ਟਿਕਟ ਦੂਜੇ ਜ਼ੋਨ ਵਿੱਚ ਨਹੀਂ ਚੱਲਦੀ । ਜੇਕਰ ਪਕੜਿਆ ਜਾਵੇ ਤਾਂ ਪਨੈਲਟੀਆਂ ਬਹੁਤ ਭਾਰੀ ਹਨ ਤੇ ਕੋਈ ਅਫ਼ਸਰ ਇਹ ਬਹਾਨਾ ਸੁਨਣ ਲਈ ਤਿਆਰ ਨਹੀਂ ਹੁੰਦਾ ਕਿ “ਅਸੀਂ ਨਵੇਂ ਆਏ ਹਾਂ ਜੀ, ਸਾਨੂੰ ਪਤਾ ਨਹੀਂ ਸੀ ।” ਜਿੰਨਾਂ ਨੂੰ ਪੰਜਾਬ ਵਿੱਚ ਕਾਲਜ ਜਾਣ ਸਮੇਂ ਟਿਕਟ ਜਾਂ ਪਾਸ ਦੇ ਮਾਮਲੇ ਤੇ ਬੱਸ ਕੰਡਕਟਰਾਂ ਨਾਲ ਖਹਿਬਾਜੀ ਦਾ ਅਨੁਭਵ ਹੋਵੇ, ਕਦੀ ਡਰਾਇਵਰਾਂ ਜਾਂ ਕੰਡਕਟਰਾਂ ਤੇ ਹੱਥ ਗਰਮ ਕੀਤਾ ਹੋਵੇ ਜਾਂ ਯਾਰਾਂ ਦੋਸਤਾਂ ਨਾਲ਼ ਮਿਲਕੇ ਬੱਸ ਨੂੰ ਘੇਰਿਆ ਹੋਵੇ, ਉਨ੍ਹਾਂ ਨੂੰ ਜ਼ਰਾ ਸਾਵਧਾਨ ਰਹਿਣ ਦੀ ਲੋੜ ਹੈ, ਅਜਿਹੀਆਂ ਆਦਤਾਂ ਇੱਥੇ ਨਹੀਂ ਚੱਲਣਗੀਆਂ । ਹਾਂ, ਇੱਕ ਗੱਲ ਤਾਂ ਹੈ ਕਿ ਇੱਕ ਵਾਰ ਲਈ ਗਈ ਟਿਕਟ ਨਾਲ਼ ਬੱਸ, ਟਰੇਨ ਜਾਂ ਟਰਾਮ ਜਿਸ ਵਿੱਚ ਚਾਹੋ, ਜਿੰਨਾ ਚਾਹੋ ਸਫ਼ਰ ਕਰ ਸਕਦੇ ਹੋ । ਪਰ ਧਿਆਨ ਰੱਖੋ ਕਿ ਗਲ਼ਤ ਜੋ਼ਨ ਵਿੱਚ ਨਾ ਜਾਣਾ । ਬਾਕੀ ਸੰਡੇ ਸੇਵਰ, ਦੋ ਘੰਟੇ, ਅਰਲੀ ਬਰਡ ਤੇ ਹੋਰ ਕਈ ਕਿਸਮ ਦੀਆਂ ਟਿਕਟਾਂ ਮਿਲ ਜਾਂਦੀਆਂ ਹਨ, ਜੋ ਜ਼ਰੂਰਤ ਮੁਤਾਬਿਕ ਖਰੀਦੀਆਂ ਜਾ ਸਕਦੀਆਂ ਹਨ । ਗਗਨਚੁੰਬੀ ਇਮਾਰਤਾਂ, ਸਾਫ਼-ਸੁਥਰਾ ਵਾਤਾਵਰਣ ਤੇ ਚੰਗਾ ਖਾਣ-ਪੀਣ ਨਵੇਂ ਆਏ ਵਿਦਿਆਰਥੀ ਦੇ ਚਾਵਾਂ ਮਲ੍ਹਾਰਾਂ ਉੱਪਰ ਮਠਿਆਈ ‘ਤੇ “ਵਰਕ” ਵਾਂਗ ਕੰਮ ਕਰਦਾ ਹੈ । ਜਿਹੜੀਆਂ ਗੋਰੀਆਂ ਨੱਢੀਆਂ ਕਦੇ-ਕਦਾਈਂ ਪੰਜਾਬ ਜਾਂ ਕਿਸੇ ਟੂਰਿਸਟ ਸਥਾਨ ਤੇ ਖੜ੍ਹ-ਖੜ੍ਹ ਦੇਖੀਆਂ ਸਨ, ਨਾਲ਼ ਫੋਟੋ ਖਿਚਵਾਈਆਂ ਸਨ ਤੇ ਸਭ ਯਾਰਾਂ ਨੂੰ ਚੌੜੇ ਹੋ-ਹੋ ਦਿਖਾਈਆਂ ਸਨ, ਉਹਨਾਂ ਦਾ ਤਾਂ ਰੱਬ ਨੇ ਇੱਥੇ ਟੋਕਰਾ ਹੀ ਮੂਧਾ ਕੀਤਾ ਹੋਇਆ ਹੈ । ਇੱਥੇ ਬੜੀ ਵਰਾਇਟੀ ਹੈ, ਆਸਟਰੇਲੀਅਨ, ਵੀਅਤਨਾਮੀ, ਥਾਈਲੈਂਡ ਤੇ ਚੀਨ ਤੋਂ ਇਲਾਵਾ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ । ਆਪਣੇ ਸਾਥੀਆਂ ਨਾਲ਼ ਜੱਫੀ ਪਾਈ ਖੜੀਆਂ ਅੱਧ-ਨੰਗੀਆਂ ਨੱਢੀਆਂ ਦੇਖ ਪੰਜਾਬੀ ਗੱਭਰੂ ਦਾ ਚਿੱਤ ਬਾਗੋ-ਬਾਗ ਹੁੰਦਾ ਹੈ ਤੇ ਜੇਕਰ ਕਿਤੇ ਟਰਾਮ ਜਾਂ ਟਰੇਨ ਆਦਿ ਵਿੱਚ ਗੋਰੀ ਮੇਮ ਕੋਲ ਆ ਕੇ ਬੈਠ ਜਾਏ ਤਾਂ ਗੱਭਰੂ ਦੀਆਂ ਸੋਚਾਂ ਬੇ-ਲਗਾਮ ਹੋ ਜਾਂਦੀਆਂ ਹਨ । ਮੇਮ ਦੇ ਸਾਥ ਦਾ ਨਿੱਘ ਮਾਣਦਿਆਂ, ਉਹ ਆਪਣੇ ਸਾਥੀਆਂ ਨਾਲ਼ ਪੰਜਾਬੀ ਵਿੱਚ ਜੋ ਗੱਲਾਂ ਕਰਦਾ ਹੈ, ਉਹ ਸਾਡੇ ਵਰਗਿਆਂ ਨੂੰ ਤਾਂ ਸਮਝ ਆ ਹੀ ਜਾਂਦੀਆਂ ਹਨ । ਕਦੀ-ਕਦੀ ਬੀਚ ਤੇ ਜਾ ਕੇ ਸ਼ੁਗਲਮੇਲਾ ਵੀ ਦੇਖਦਾ ਹੈ । ਆਖਿਰ ਮੈਲਬੌਰਨ ਦੇ ਨਜ਼ਦੀਕ ਏਨੇ ਬੀਚ ਘੁੰਮਣ ਲਈ ਹੀ ਤਾਂ ਹਨ ।


ਸੀਨ ਪਲਟਦਾ ਹੈ ਤੇ ਗੱਭਰੂ ਨੂੰ ਆਪਣੇ ਲਈ ਕਮਰਾ ਲੈਣ ਦੀ ਫਿਕਰ ਸ਼ੁਰੂ ਹੋ ਜਾਂਦੀ ਹੈ । ਮੁੜ ਉਹ ਐਤਵਾਰ ਨੂੰ ਬਲੈਕ ਬਰਨ ਵਿਖੇ ਗੁਰਦੁਆਰਾ ਸਾਹਿਬ ਦੀ ਟਰੇਨ ਪਕੜਦਾ ਹੈ ਤੇ ਅਰਦਾਸ ਉਪਰੰਤ ਲੰਗਰ ਛਕਣ ਤੋਂ ਬਾਅਦ, ਬਾਹਰ ਲੱਗੇ ਨੋਟਿਸ ਬੋਰਡ ਤੇ ਕਮਰੇ ਲੱਭਣ ਲਈ ਫੋਨ ਨੰਬਰ ਤੇ ਐਡਰੈਸ ਨੋਟ ਕਰ, ਕਮਰਾ ਲੱਭਣ ਦੀ ਕੋਸਿ਼ਸ਼ ਸ਼ੁਰੂ ਹੋ ਜਾਂਦੀ ਹੈ । ਕਮਰਾ ਵੀ ਇੱਥੇ ਚੰਗੀ ਕਵਾਇਦ ਤੋਂ ਬਾਅਦ ਮਿਲਦਾ ਹੈ । ਯਾਦ ਰੱਖੋ ਚਾਹੇ ਕਮਰਾ ਲੈਣਾ ਹੈ ਜਾਂ ਜੌਬ, ਹਰ ਕੰਮ ਲਈ ਤੁਹਾਨੂੰ “ਰੈਫਰੈਂਸ” ਦੀ ਜ਼ਰੂਰਤ ਪਵੇਗੀ ਤੇ “ਰੈਫਰੈਂਸ” ਵੀ ਅਜਿਹੀ ਜੋ ਅੱਧੀ ਰਾਤ ਨੂੰ ਵੀ ਤੁਹਾਡਾ ਪੱਖ ਪੂਰ ਸਕੇ । ਅਗਲਾ ਕੰਮ ਜੌਬ ਲੱਭਣ ਦਾ ਹੁੰਦਾ ਹੈ । ਕੋਈ ਵੀ ਤੁਹਾਡੀ ਮੱਦਦ ਨਹੀਂ ਕਰੇਗਾ । “ਰਜਿ਼ਊਮ” ਬਣਾ ਕੇ ਖੁਦ ਹੀ ਦਰ-ਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ । ਜੌਬ ਬਾਬਤ ਇੱਕ ਜ਼ਰੂਰੀ ਗੱਲ ਹੋਰ ਵੀ ਹੈ, ਗੱਲ ਨਹੀਂ ਚੇਤਾਵਨੀ ਹੈ ਜੋ ਸਾਨੂੰ ਵੀ ਥੋੜਾ ਸਮਾਂ ਪਹਿਲਾਂ ਮੈਲਬੌਰਨ ਆਉਣ ਤੇ ਮਿਲੀ ਸੀ ਕਿ ਜੋ ਮਰਜ਼ੀ ਕਰਨਾ ਪਰ ਕਿਸੇ “ਵੈੱਲ ਸੈਟਲਡ” ਪੰਜਾਬੀ ਤੇ ਵਿਸ਼ਵਾਸ ਨਹੀਂ ਕਰਨਾ । ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਉਸ ਤਬਕੇ ਨਾਲ ਸੰਬੰਧਿਤ ਹਨ, ਜੋ ਨਵੇਂ ਆਏ ਲੋਕਾਂ ਦਾ ਸ਼ੋਸ਼ਣ ਕਰਦਾ ਹੈ । ਜਾਪਦਾ ਹੈ ਕਿ ਅਜਿਹੀਆਂ ਮੱਛੀਆਂ ਨੇ ਸਾਰਾ ਸੰਸਾਰ ਹੀ ਗੰਦਾ ਕਰ ਦੇਣਾ ਹੈ । ਬਹੁਤ ਹੀ ਘੱਟ ਡਾਲਰਾਂ ਤੇ ਆਪਣੀਆਂ ਫੈਕਟਰੀਆਂ ਵਿੱਚ ਅਹਿਸਾਨ ਕਰਕੇ ਕੰਮ ਦੇਣਗੇ ਤੇ ਕੰਮ ਵੀ ਚੰਮ ਲਾਹੁਣ ਬਰਾਬਰ ਹੋਵੇਗਾ । ਕਈ ਅਜਿਹੇ ਸੂਰਮੇ ਵੀ ਹਨ ਜੋ ਮੱਦਦ ਕਰਨ ਦੇ ਨਾਮ ਤੇ ਤੁਹਾਡੀ ਕਮਾਈ ‘ਚੋਂ ਆਪਣਾ ਹਿੱਸਾ ਪਹਿਲਾਂ ਹੀ ਕਢਵਾ ਲੈਂਦੇ ਹਨ । ਤੁਹਾਡੇ ਸਿਰ ਕੰਮ ਦਿਵਾਉਣ ਦਾ ਅਹਿਸਾਨ ਤਾਂ ਰਹੇਗਾ ਹੀ । ਇਹ ਵੀ ਵੱਡੀ ਗੱਲ ਨਹੀਂ ਹੈ ਕਿ ਜੇਕਰ ਉਹ ਤੁਹਾਡੇ ਤੋਂ ਚਾਰ-ਪੰਜ ਦਿਨ ਕੰਮ ਸਿਖਾਉਣ ਦੇ ਨਾਮ ਤੇ ਲਗਵਾ ਲੈਣ ਤੇ ਮੁੜ ਕਹਿ ਦੇਣ ਕਿ ਤੁਹਾਡਾ ਕੰਮ ਪਸੰਦ ਨਹੀਂ ਆਇਆ । ਇਹ ਟ੍ਰੇਨਿੰਗ ਬਿਨਾਂ ਪੈਸਿਆਂ ਤੋਂ ਹੁੰਦੀ ਹੈ । ਮੁੜ ਅਗਲੇ ਹਫ਼ਤੇ ਇਸ ਜਗ੍ਹਾ ਤੇ ਹੋਰ ਮਜ਼ਬੂਰ “ਮੁਰਗੇ” ਆ ਜਾਣਗੇ । ਜੇਕਰ ਕਿਸਮਤ ਸਾਥ ਦੇ ਜਾਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਚਾਰ-ਛੇ ਮਹੀਨੇ ਤਾਂ ਕੰਮ ਮਿਲਣ ਦਾ ਕੋਈ ਚਾਂਸ ਨਹੀਂ ਹੈ । ਇੱਥੇ ਆ ਕੇ ਤੁਹਾਡੀ ਸਾਰੀ ਕਾਬਲੀਅਤ, ਸਾਰੀ ਪੜ੍ਹਾਈ, ਸਾਰਾ ਤਜਰਬਾ ਮਿੱਟੀ ਹੋ ਜਾਵੇਗਾ । ਚਾਹੇ ਤੁਸੀਂ ਵੈਲਡਿੰਗ ਕਰਦੇ ਹੋ, ਮੀਟ ਕੱਟਦੇ ਹੋ, ਪਲੰਬਰ ਜਾਂ ਕੋਈ ਹੋਰ ਹੱਥੀਂ ਕੰਮ ਕਰਨਾ ਜਾਣਦੇ ਹੋ, ਹਰ ਕੰਮ ਲਈ ਲਾਇਸੈਂਸ ਦੀ ਜ਼ਰੂਰਤ ਪਵੇਗੀ । ਇੱਥੋਂ ਤੱਕ ਕਿ ਜੇਕਰ ਤੁਸੀਂ ਮਜ਼ਦੂਰੀ ਕਰਨੀ ਚਾਹੁੰਦੇ ਹੋ ਤਾਂ ਵੀ “ਰੈੱਡ ਕਾਰਡ” ਦਾ ਕੋਰਸ ਕਰਨਾ ਪਵੇਗਾ ਤੇ ਫਿਰ ਕੰਮ ਲਈ ਅਪਲਾਈ ਕਰ ਸਕਦੇ ਹੋ । ਜੇਕਰ ਕਲੀਨਿੰਗ ਵੀ ਕਰਨੀ ਹੈ ਤਾਂ ਵੀ ਤਜਰਬਾ ਚਾਹੀਦਾ ਹੈ । ਪੰਜਾਬ ਵਿੱਚੋਂ ਜਿੰਨੇ ਵੀ ਇੱਥੇ ਆਉਂਦੇ ਹਨ, ਕਿਸੇ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੁੰਦਾ ਪਰ ਇੱਥੇ ਜਦ ਜੌਬ ਲੱਭਣੀ ਪੈਂਦੀ ਹੈ ਤਾਂ ਬੜੀਆਂ ਮੁਸ਼ਕਿਲਾਂ ਦਰ-ਪੇਸ਼ ਆਉਂਦੀਆਂ ਹਨ । ਟੈਕਸੀ ਚਲਾਉਣ ਦੇ ਚਾਹਵਾਨ ਜੋ ਵੱਡੀ ਗਲਤੀ ਕਰਦੇ ਹਨ, ਉਹ ਇਹ ਹੈ ਕਿ ਉਹਨਾਂ ਕੋਲ ਭਾਰਤ ਦੇ ਡਰਾਇਵਿੰਗ ਲਾਇਸੈਂਸ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ । ਸੰਬੰਧਿਤ ਡੀ.ਟੀ.ਓ. ਦਫ਼ਤਰ ਵਿੱਚੋਂ ਇਹ ਲਿਖਵਾਉਣਾ ਜ਼ਰੂਰੀ ਹੁੰਦਾ ਹੈ ਕਿ ਇਹ ਲਾਇਸੈਂਸ ਉਹਨਾਂ ਵੱਲੋਂ ਬਣਾਇਆ ਗਿਆ ਹੈ ਤੇ ਅਸਲੀ ਹੈ । ਇਸ ਵੈਰੀਫਿਕੇਸ਼ਨ ਦੇ ਅਧਾਰ ਤੇ ਆਸਟਰੇਲੀਆ ਵਿੱਚ ਸਥਿਤ ਭਾਰਤੀ ਰਾਜਦੂਤ ਦੇ ਦਫ਼ਤਰ ਵਿੱਚੋਂ ਆਸਟਰੇਲੀਆ ਵਿੱਚ ਡਰਾਇਵਿੰਗ ਨਾਲ ਸਬੰਧਿਤ ਵਿਭਾਗ ਲਈ ਵੈਰੀਫਿਕੇਸ਼ਨ ਪੱਤਰ ਮਿਲਦਾ ਹੈ । ਇਸ ਤੋਂ ਬਿਨਾਂ ਵਿਕਟੋਰੀਆ ਵਿੱਚ ਲਾਇਸੈਂਸ ਨਹੀਂ ਬਣ ਸਕਦਾ । ਡਰਾਇਵਿੰਗ ਲਈ ਇੱਥੇ ਤਿੰਨ ਟੈਸਟ ਪਾਸ ਕਰਨੇ ਜ਼ਰੂਰੀ ਹਨ । ਪਹਿਲਾ ਨਿਯਮਾਂ ਨਾਲ ਸਬੰਧਿਤ ਟੈਸਟ ਹੁੰਦਾ ਹੈ ਜੋ ਕਿ ਕੰਪਿਊਟਰ ਤੇ ਹੁੰਦਾ ਹੈ, ਦੂਜਾ ਟੈਸਟ ਵੀ ਕੰਪਿਊਟਰ ਤੇ ਗੇਮ ਦੇ ਰੂਪ ਵਿੱਚ ਹੁੰਦਾ ਹੈ ਤੇ ਤੀਸਰਾ ਟੈਸਟ ਜੋ ਕਿ ਸਭ ਤੋਂ ਔਖਾ ਹੈ, ਉਹ ਹੈ ਸੜਕ ਤੇ ਕਾਰ ਚਲਾਉਣਾ । ਅਫ਼ਸਰ ਤੁਹਾਡੇ ਨਾਲ ਕਾਰ ਵਿੱਚ ਬੈਠਦਾ ਹੈ ਤੇ ਕਿਸੇ ਵੀ ਤਰੀਕੇ ਨਾਲ ਕਾਰ ਚਲਾਉਣ ਸਬੰਧੀ ਨਿਰਦੇਸ਼ ਦੇ ਸਕਦਾ ਹੈ । ਡਰਾਇਵਿੰਗ ਦੇ ਨਿਯਮ ਬਹੁਤ ਸਖ਼ਤ ਹਨ । ਜੇਕਰ ਗ਼ਲਤੀ ਪਕੜੀ ਜਾਵੇ ਤਾਂ ਜੁਰਮਾਨੇ ਬਹੁਤ ਜਿਆਦਾ ਹਨ । ਹਰ ਕੋਈ ਨਿਯਮਾਂ ਮੁਤਾਬਿਕ ਡਰਾਇਵਿੰਗ ਕਰਦਾ ਹੈ ਤੇ ਜੇਕਰ ਅਜਿਹੇ ਵਿੱਚ ਅਸੀਂ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਗੱਡੀ ਚਲਾਵਾਂਗੇ ਤਾਂ ਦੁਰਘਟਨਾ ਦੇ ਚਾਂਸ ਬਹੁਤ ਜਿ਼ਆਦਾ ਹਨ । ਸਾਡੇ ਮੁਲਕ ਵਾਂਗ ਅਜਿਹਾ ਨਹੀਂ ਹੈ ਕਿ ਟਰੱਕ ਵਾਲਾ ਕਾਰ ਦੀ ਤੇ ਕਾਰ ਵਾਲਾ ਕਿਸੇ ਛੋਟੇ ਵਹੀਕਲ ਦੀ ਪਰਵਾਹ ਨਹੀਂ ਕਰਦਾ । ਜੇਕਰ ਜਾਣੇ-ਅਣਜਾਣੇ ਕਿਸੇ ਵੀ ਵਹੀਕਲ ਵਾਲਾ, ਪੈਦਲ ਚੱਲਦੇ ਨਾਲ ਟਕਰਾ ਗਿਆ ਤਾਂ ਵਹੀਕਲ ਵਾਲੇ ਦਾ ਅਜਿਹਾ ਵਾਜਾ ਵੱਜੇਗਾ ਕਿ ਲੰਮੇ ਸਮੇਂ ਤੱਕ ਯਾਦ ਰਹੇਗਾ । ਪੈਦਲ ਚੱਲ ਰਿਹਾ ਵਿਅਕਤੀ ਵੀ ਜੇਕਰ ਗ਼ਲਤ ਢੰਗ ਨਾਲ ਸੜਕ ਪਾਰ ਕਰਦਾ ਫੜਿਆ ਗਿਆ ਤਾਂ ਉਸਦਾ ਵੀ ਚਲਾਨ ਹੋ ਸਕਦਾ ਹੈ ।


ਇਥੇ ਇੱਕ ਗੱਲ ਤਾਂ ਹੈ ਕਿ ਕੰਮ ਚਾਹੇ ਕੋਈ ਵੀ ਕਿਉਂ ਨਾ ਹੋਵੇ, ਹਰ ਕੰਮ ਕਰ ਵਾਲਾ ਬਰਾਬਰ ਅਧਿਕਾਰ ਰੱਖਦਾ ਹੈ । ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਤੇ ਹਰ ਕੋਈ ਆਪਣੇ ਕੰਮ ਦੀ ਇੱਜ਼ਤ ਕਰਦਾ ਹੈ । ਆਸਟਰੇਲੀਆ ਆਉਣ ਤੋਂ ਪਹਿਲਾਂ ਸਾਨੂੰ ਕੁਝ “ਜਾਣਕਾਰਾਂ” ਨੇ ਇੱਥੋਂ ਤੱਕ ਕਿਹਾ ਸੀ ਕਿ ਜੋ ਹਾਲਤ ਪੰਜਾਬ ਵਿੱਚ ਭਈਆਂ ਦੀ ਹੈ, ਉਹੀ ਹਾਲਤ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਹੈ । ਚਾਹੇ ਅਸਿੱਧੇ ਰੂਪ ਵਿੱਚ ਹੀ ਸਹੀ, ਅਸੀਂ ਇਹ ਤਾਂ ਸਵੀਕਾਰ ਕਰਦੇ ਹੀ ਹਾਂ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਨਾਲ਼ ਚੰਗਾ ਵਿਵਹਾਰ ਨਹੀਂ ਕਰ ਰਹੇ । ਉਨ੍ਹਾਂ ਦੀ ਇੱਜ਼ਤ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ, ਬਿਨਾਂ ਗੱਲੋਂ ਹੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ । ਜੋ ਭਈਆਵਾਦ ਪੰਜਾਬ ਵਿੱਚ ਚੱਲ ਰਿਹਾ ਹੈ, ਕਿਸੇ ਹੱਦ ਤੱਕ ਅਸੀਂ ਵੀ ਉਸਦੇ ਜਿੰਮੇਵਾਰ ਹਾਂ । ਉਦਾਹਰਣ ਦੇ ਤੌਰ ਤੇ ਜੇਕਰ ਮਜ਼ਦੂਰਾਂ ਦੀ ਜ਼ਰੂਰਤ ਹੋਵੇ ਤਾਂ ਹਰ ਕਿਸੇ ਦੀ ਕੋਸਿ਼ਸ਼ ਹੁੰਦੀ ਹੈ ਕਿ ਪ੍ਰਵਾਸੀ ਮਜ਼ਦੂਰ ਨੂੰ ਲਗਾਇਆ ਜਾਵੇ, ਕਿਉਂ ਜੋ ਉਹ ਪੰਜਾਬੀ ਮਜ਼ਦੂਰਾਂ ਦੇ ਮੁਕਾਬਲੇ ਜਿ਼ਆਦਾ ਮਿਹਨਤੀ ਹੁੰਦੇ ਹਨ । ਜੇਕਰ ਪੰਜਾਬੀ ਮਜ਼ਦੂਰ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਕੀ ਪ੍ਰਵਾਸੀ ਮਜ਼ਦੂਰ ਪੰਜਾਬ ਦੀ ਇੰਡਸਟਰੀ ਜਾਂ ਕੰਮ-ਕਾਰ ਤੇ ਕਦੇ ਕਬਜ਼ਾ ਕਰ ਸਕਦੇ ਸਨ ? ਨਹੀਂ... ਕਦੇ ਵੀ ਨਹੀਂ । ਅੱਜ ਲੁਧਿਆਣੇ ਦੇ ਇੰਡਸਟਰੀਅਲ ਏਰੀਏ ਵਿੱਚ ਚਲੇ ਜਾਓ ਤਾਂ ਲੱਗਦਾ ਹੀ ਨਹੀਂ ਕਿ ਇਹ ਪੰਜਾਬ ਦਾ ਕੋਈ ਹਿੱਸਾ ਹੈ । ਸਭ ਪ੍ਰਵਾਸੀ ਮਜ਼ਦੂਰ ਹੀ ਨਜ਼ਰ ਆਉਂਦੇ ਹਨ । ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ ਕਿ ਜਦੋਂ ਮੈਂ ਫਰੀਦਕੋਟ ਵਿੱਚ ਆਪਣੇ ਮਕਾਨ ਦੀ ਮੁਰੰਮਤ ਕਰਵਾ ਰਿਹਾ ਸਾਂ ਤਾਂ ਕਮਰੇ ਵਿੱਚੋਂ ਸਮਾਨ ਬਾਹਰ ਕੱਢਣ ਲਈ ਇੱਕ ਹੋਰ ਮਜ਼ਦੂਰ ਦੀ ਜ਼ਰੂਰਤ ਪਈ । ਅਕਸਰ ਕੰਮ ਸ਼ੁਰੂ ਕਰਨ ਦਾ ਸਮਾਂ ਸਵੇਰੇ 8 ਵਜੇ ਦਾ ਹੁੰਦਾ ਹੈ । ਕਰੀਬ 10 ਵਜੇ ਮੈਂ ਅੱਡੇ ਤੇ ਗਿਆ । ਇੱਕ ਪੰਜਾਬੀ ਮਜ਼ਦੂਰ ਨੂੰ ਕੰਮ ਕਰਨ ਲਈ ਕਿਹਾ । ਪਹਿਲਾਂ ਤਾਂ ਉਸਨੇ ਮੇਰੀ ਪੂਰੀ ਇੰਟਰਵਿਊ ਲਈ ਕਿ ਘਰ ਕਿੱਥੇ ਹੈ ? ਕੰਮ ਕੀ ਹੈ ? ਘਰ ਆ ਕੇ ਉਹ ਬੋਲਿਆ ਕਿ ਮੈਂ ਹੈਲਥ ਕਲੱਬ ਦਾ ਸਮਾਨ ਬਾਹਰ ਨਹੀਂ ਕੱਢਣਾ, ਮੇਰੇ ਕੋਲੋਂ ਉਸਾਰੀ ਵਾਲੇ ਮਿਸਤਰੀ ਨਾਲ ਕੰਮ ਕਰਵਾਉਣਾ ਹੈ ਤਾਂ ਕਰਵਾ ਲਓ । ਕੰਮ ਛੱਡ ਕੇ ਉਹ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਗਿਆ । ਸਮਾਨ ਤਾਂ ਕੰਮ ਤੇ ਲੱਗੇ ਹੋਏ ਬਾਕੀ ਮਜ਼ਦੂਰਾਂ ਨੇ ਆਪਣੇ ਆਪ ਬਾਹਰ ਕੱਢ ਲਿਆ ਤੇ ਨਵਾਂ ਮਜ਼ਦੂਰ ਇੱਕ ਸਵਾਲ ਜਰੂਰ ਪਿੱਛੇ ਛੱਡ ਗਿਆ ਕਿ ਕੋਈ ਆਪਣੇ ਕੰਮ ਪ੍ਰਤੀ ਕਿੰਨਾ ਕੁ ਇਮਾਨਦਾਰ ਹੈ ? ਆਸਟਰੇਲੀਆ ਵਿੱਚ ਹੋਰ ਦੇਸ਼ਾਂ ਦੇ ਲੋਕਾਂ ਦੀ ਹਾਲਤ ਏਨੀ ਨਾਜ਼ੁਕ ਨਹੀਂ ਹੈ, ਜਿੰਨੀ ਕਿ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ । ਹਾਂ, ਕੰਮ ਕਿਹੜਾ ਮਿਲਦਾ ਹੈ, ਉਹ ਇੱਕ ਜੁਦਾ ਗੱਲ ਹੈ । ਇਹ ਗੱਲ ਤਾਂ ਜ਼ਰੂਰ ਹੈ ਕਿ ਇੱਥੇ ਵਸਦੇ ਪੰਜਾਬੀ ਵੀ ਆਪਣੇ ਕੰਮ ਨੂੰ ਬੜੀ ਮਿਹਨਤ ਤੇ ਲਗਨ ਨਾਲ ਕਰਦੇ ਹਨ ਤੇ ਉਸ ਉੱਪਰ ਮਾਣ ਵੀ ਕਰਦੇ ਹਨ । ਜੇਕਰ ਕੰਮ ਪ੍ਰਤੀ ਅਜਿਹੀ ਮਿਹਨਤ, ਲਗਨ ਤੇ ਇਮਾਨਦਾਰੀ ਦਾ ਮੁੱਲ ਸਾਨੂੰ ਆਪਣੇ ਵਤਨ ਰਹਿੰਦਿਆਂ ਹੀ ਪਤਾ ਚਲ ਜਾਵੇ ਤਾਂ ਕੀ ਮਜਾਲ ਹੈ ਕਿ ਅਸੀਂ ਅਸਮਾਨੋਂ ਤਾਰੇ ਨਾ ਤੋੜ ਲਿਆਈਏ । ਪਰ ਯਾਰੋ... ਦੁੱਖ ਤਾਂ ਇਹੀ ਹੈ ਕਿ ਵਤਨ ਵਾਪਸ ਜਾਂਦਿਆਂ ਹੀ ਪਾਣੀ ਦਾ ਗਿਲਾਸ ਭਰ ਕੇ ਪੀਣਾ ਵੀ ਆਪਣੀ ਹੱਤਕ ਮਹਿਸੂਸ ਹੁੰਦੀ ਹੈ ਤੇ ਮੁੜ ਪ੍ਰਦੇਸੀਂ ਆ ਕੇ ਫਿਰ ਕਿੱਲ ਵਾਂਗ ਸਿੱਧੇ ਹੋ ਜਾਂਦੇ ਹਾਂ ।


ਅੰਤਲੀ ਗੱਲ ਮੈਂ ਉਨ੍ਹਾਂ ਜੋੜਿਆਂ ਨਾਲ਼ ਕਰਨੀ ਚਾਹੁੰਦਾ ਹਾਂ, ਜੋ ਸਾਡੇ ਵਾਂਗ ਬੇ-ਮੌਸਮੇ, ਪੜ੍ਹਾਈ ਦਾ ਆਧਾਰ ਬਣਾ ਕੇ ਆਸਟਰੇਲੀਆ ਪੁੱਜ ਜਾਂਦੇ ਹਨ । ਜਿਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਹੁੰਦੇ ਹਨ ਤੇ ਕਈ ਉਹਨਾਂ ਨੂੰ ਵੀ ਨਾਲ ਹੀ ਟੰਗ ਲੈਂਦੇ ਹਨ । ਅਜਿਹੇ ਜੋੜਿਆਂ ਨੂੰ ਹੋਰ ਵੀ ਜਿ਼ਆਦਾ ਮੁਸ਼ਕਿਲਾਂ ਦਰ-ਪੇਸ਼ ਆਉਂਦੀਆਂ ਹਨ । ਕੰਮ-ਕਾਰ ਦੇ ਹਾਲਤਾਂ ਦਾ ਵਰਨਣ ਤਾਂ ਉੱਪਰ ਕਰ ਹੀ ਆਇਆ ਹਾਂ । ਸਾਨੂੰ ਪਤਾ ਲੱਗਾ ਹੈ ਕਿ ਇੱਥੋਂ ਦੇ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਇਕੱਲਿਆਂ ਘਰ ਵਿੱਚ ਨਹੀਂ ਛੱਡਿਆ ਜਾ ਸਕਦਾ । ਮਤਲਬ ਇਹ ਹੈ ਕਿ ਮਾਂ ਜਾਂ ਬਾਪ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਘਰ ਰਹਿਣਾ ਹੀ ਪਵੇਗਾ । ਘਰ ਬੈਠਿਆਂ ਖ਼ਰਚ ਕਿਦਾਂ ਨਿੱਕਲੇਗਾ, ਇਹ ਸੋਚ-ਵਿਚਾਰ ਕਰਨ ਵਾਲੀ ਗੱਲ ਹੈ । ਜੇਕਰ ਬੱਚਾ ਪੰਜ ਸਾਲ ਤੋਂ ਉੱਪਰ ਹੈ ਤਾਂ ਉਸਨੂੰ ਸਕੂਲ ਭੇਜਣਾ ਲਾਜ਼ਮੀ ਹੈ । ਸਕੂਲ ਦਾ ਖ਼ਰਚ ਬਹੁਤ ਜਿ਼ਆਦਾ ਹੈ । ਇੱਥੇ ਬੱਘੀਆਂ ਜਾਂ ਰਿਕਸ਼ੇ ਨਹੀਂ ਹਨ, ਬੱਚੇ ਨੂੰ ਆਪ ਹੀ ਸਕੂਲ ਲੈ ਜਾਣਾ ਤੇ ਲਿਆਉਣਾ ਪੈਂਦਾ ਹੈ । ਜੇਕਰ ਬੱਚਾ ਪੰਜ ਸਾਲ ਤੋਂ ਘੱਟ ਹੈ ਤੇ ਮਾਪੇ ਕੰਮ/ਪੜ੍ਹਾਈ ਕਰਨ ਜਾਣਾ ਚਾਹੁੰਦੇ ਹਨ ਤਾਂ ਉਸਨੂੰ ਡੇ-ਬੋਰਡਿੰਗ ਵਿੱਚ ਛੱਡਣਾ ਪਵੇਗਾ । ਡੇ-ਬੋਰਡਿੰਗ ਦਾ ਖ਼ਰਚ ਏਨਾ ਕੁ ਜਿ਼ਆਦਾ ਹੈ ਕਿ ਬਹੁਤੇ ਮਾਪੇ ਕੰਮ ਛੱਡ ਕੇ ਘਰ ਬੈਠਣਾ ਜਿ਼ਆਦਾ ਮੁਨਾਸਿਬ ਸਮਝਦੇ ਹਨ । ਇੱਥੇ ਮੈਂ ਅਜਿਹੇ ਕਈ ਜੋੜਿਆਂ ਨੂੰ ਮਿਲਿਆ ਹਾਂ ਜਿਨ੍ਹਾਂ ਨੇ ਕਿ ਆਪਣੇ ਬੱਚੇ ਵਾਪਸ ਵਤਨੀਂ ਭੇਜ ਦਿੱਤੇ ਹਨ ਜਾਂ ਭੇਜਣ ਬਾਰੇ ਸੋਚ ਰਹੇ ਹਨ । ਅਜਿਹੇ ਜੋੜਿਆਂ ਨੂੰ ਮੈਂ ਇੱਕ ਸਲਾਹ ਦੇਣੀ ਚਾਹਾਂਗਾ ਕਿ ਜੀ ਸਦਕੇ ਆਸਟਰੇਲੀਆ ਆਓ, ਪਰ ਜੇਕਰ ਸੰਭਵ ਹੋ ਸਕੇ ਤਾਂ ਇੱਕ ਵਾਰ ਬੱਚੇ ਨਾਲ ਨਾਂ ਲੈ ਕੇ ਆਓ । ਇੱਥੋਂ ਦੇ ਰੰਗ-ਢੰਗ ਦੇਖੋ, ਕੰਮ-ਕਾਰ ਦੇਖੋ, ਮੁੜ ਬੱਚੇ ਤਾਂ ਜਦੋਂ ਜੀ ਕਰੇ ਬੁਲਾ ਲਵੋ । ਇਸ ਗੱਲ ਦਾ ਇਹ ਮਤਲਬ ਨਹੀਂ ਕਿ ਬੱਚੇ ਦਾ ਵੀਜ਼ਾ ਵੀ ਨਹੀਂ ਲਗਵਾਉਣਾ । ਇਹ ਗਲਤੀ ਵੀ ਨਾ ਕਰ ਬੈਠਣਾ । ਮੈਂ ਖੁਦ ਤਾਂ ਨਹੀਂ ਮਿਲਿਆ ਪਰ ਇੱਕ ਅਜਿਹੇ ਜੋੜੇ ਬਾਰੇ ਪਤਾ ਲੱਗਾ ਹੈ, ਜਿਨਾਂ ਵੀਜ਼ਾ ਲਗਵਾਉਣ ਸਮੇਂ ਆਪਣੇ ਬੱਚੇ ਦਾ ਜਿ਼ਕਰ ਨਹੀਂ ਸੀ ਕੀਤਾ, ਹੁਣ ਉਹ ਇੱਥੇ ਸੈੱਟ ਹੋ ਚੁੱਕੇ ਹਨ ਤੇ ਬੱਚੇ ਨੂੰ ਬੁਲਾਉਣਾ ਚਾਹੁੰਦੇ ਹਨ, ਪਰ ਇਸ ਗੱਲ ਦਾ ਜੁਆਬ ਦੇਣਾ ਔਖਾਂ ਹੋਇਆ ਪਿਆ ਹੈ ਕਿ ਉਹ ਪਿਛਲੇ ਕਰੀਬ ਸਾਲ-ਡੇਢ ਸਾਲ ਤੋਂ ਤਾਂ ਮੈਲਬੌਰਨ ਵਿੱਚ ਹਨ ਤੇ ਪੰਜਾਬ ਵਿੱਚ ਉਨ੍ਹਾਂ ਦਾ ਨਿਆਣਾ ਕਿਥੋਂ ਜੰਮ ਪਿਆ । ਬੱਚਿਆਂ ਨੂੰ ਇੱਥੇ ਨਾ ਲੈ ਕੇ ਆਉੁਣ ਦਾ ਇੱਕ ਹੋਰ ਕਾਰਨ ਦੋਹਾਂ ਦੇਸ਼ਾਂ ਦੀ ਕਰੰਸੀ ਦੇ ਮੁੱਲ ਦਾ ਵੱਡਾ ਫ਼ਰਕ ਵੀ ਹੈ । ਅਪਣੇ ਵਤਨ ਵਿੱਚ ਅਸੀਂ ਬੱਚਿਆਂ ਦੀਆਂ ਮੰਗਾਂ ਤੁਰੰਤ ਹੀ ਪੂਰੀਆਂ ਕਰ ਦਿੰਦੇ ਹਾਂ । ਇੱਥੇ ਇੰਝ ਨਹੀਂ ਹੁੰਦਾ ਜਿਨ੍ਹਾਂ ਚਿਰ ਸਾਡੀ ਆਮਦਨ ਸ਼ੁਰੂ ਨਾ ਹੋ ਜਾਵੇ, ਕਿਉਂਕਿ ਸਾਡੇ ਕੋਲ ਭਾਰਤ ਤੋਂ ਲਿਆਂਦੀ ਕਰੰਸੀ ਹੁੰਦੀ ਹੈ । ਰੋਜ਼ਾਨਾ ਜਿੰਦਗੀ ਦੀ ਜ਼ਰੂਰਤ ਦੀਆਂ ਵਸਤਾਂ ਜਿਵੇਂ ਦੁੱਧ, ਆਟਾ, ਸਬਜ਼ੀ ਆਦਿ ਖਰੀਦ ਕੇ ਨਾਲ਼ ਦੀ ਨਾਲ਼ 35 ਨਾਲ ਗੁਣਾ ਕਰਨ ਬਹਿ ਜਾਂਦੇ ਹਾਂ । ਆਪਣੇ ਦੇਸ਼ ਵਿੱਚ ਰਹਿੰਦਿਆਂ ਦਸ ਰੁਪੈ ਦੀ ਚਾਕਲੇਟ ਜਾਂ ਚਿਪਸ ਨਾਲ ਨਿਆਣਾ ਵਰ੍ਹਾ ਲੈਂਦੇ ਹਾਂ ਪਰ ਆਸਟਰੇਲੀਆ ਵਿੱਚ ਇਹ ਮੁਮਕਿਨ ਨਹੀਂ ਹੈ । ਚਿਪਸ ਜਾਂ ਚਾਕਲੇਟ ਤਾਂ ਉਹੀ ਹੁੰਦਾ ਹੈ ਪਰ ਖ਼ਰਚ ਕੀਤੀ ਜਾਣ ਵਾਲੀ ਕਰੰਸੀ ਪਲਾਸਟਿਕ ਦੇ ਨੋਟਾਂ ਦੇ ਰੂਪ ਵਿੱਚ ਹੁੰਦੀ ਹੈ । ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਭਾਰਤ ਅਨੁਸਾਰ ਉਤਨੀ ਦੇਰ ਪੂਰੀਆਂ ਨਹੀਂ ਕਰ ਸਕਦੇ, ਜਿਤਨਾ ਸਮਾਂ ਇੱਥੇ ਕਮਾਈ ਨਾ ਸ਼ੁਰੂ ਹੋ ਜਾਵੇ । ਅਸੀਂ ਆਪਣੀਆਂ ਫੁੱਲਾਂ ਵਰਗੀਆਂ ਮਾਸੂਮ ਬੇਟੀਆਂ ਅੱਠ ਸਾਲਾ ਤਨੀਸ਼ਾ ਤੇ ਤਿੰਨ ਸਾਲਾ ਗਰਿਮਾ ਨੂੰ ਕੇਵਲ ਕੁਝ ਮਹੀਨਿਆਂ ਲਈ ਹੀ ਵਤਨੀਂ ਛੱਡ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਜੋ ਤਨੀਸ਼ਾ ਆਪਣੀ ਕਲਾਸ ਦੇ ਪੇਪਰ ਫਰੀਦਕੋਟ ਹੀ ਦੇਵੇ ਤੇ ਸਾਲ ਖ਼ਰਾਬ ਨਾ ਹੋਵੇ । ਅਸੀਂ ਸੋਚਦੇ ਸਾਂ ਕਿ ਮੈਲਬੌਰਨ ਜਾ ਕੇ ਕੁਝ ਮਹੀਨਿਆਂ ਵਿੱਚ ਸੈੱਟ ਹੋ ਕੇ ਬੁਲਵਾ ਲਵਾਂਗੇ ਪਰ ਇਥੋਂ ਦੇ ਹਾਲਾਤ ਦੇਖਦਿਆਂ ਸਾਨੂੰ ਬੱਚੇ ਬੁਲਾਉਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰਨਾ ਪਿਆ ਹੈ । ਤਨੀਸ਼ਾ – ਗਰਿਮਾ, ਬੇਟਾ ਮੁਆਫ਼ ਕਰਨਾ, ਪਾਪਾ ਮੰਮੀ ਨੂੰ, ਜੋ ਆਪਣਾ ਵਾਅਦਾ ਨਹੀਂ ਨਿਭਾ ਸਕੇ ।
****
Rishi Gulati
www.rishigulati.blogspot.com

sunita thakur 28th January 2009 10:02 PM

thanks alot
 
Rishi jiii namaskaar..............haal ki poocha tuhadi kalam ne sab kuj das dita hai, te sacchi eh pad ke dil bhar aayia, ki punjab di mitti vich pal ke, doodh malaiya kha ke pale sade bain te paraa uthey aini tanghaal zindgi jee rahe ne, par tuhadi gal v sahi hai, ki chauNde hoey bhi utho.n di sachai nahi das pauNde, tusi eh sab kuj aithe post karke bahut hi vadiya kita hai, kum se kum kuj nu te sahi samaj aaugi, ki jo sukh chajju de chubare oh balkh na bukhare

tuhadi es valuable post laye tuhanu mere walo.n reps +++


Rab Raakha

tilakji 4th February 2009 12:33 PM

Rishi Ji Bahut Hi Usefull Jaankaari Ditti. Shukriya Tuhaadaa Aur Tuhadi Kalam Da.

Wasdey Raho Te Rab Karey Ki Cheti Hi Settle Ho Jao.

Tumhari_gazal 6th February 2009 12:51 AM

rishi ji,sat shri akal,aj tuhadi ih post read kar ke bahut changa lga,ate dilo ih chahndi haan ke sadi young genration te iss da positive aasar pawe.kyon ki main tuhade dil di gaal nu changi tra samaj sakdi haan.wese wi england te austrelia dowe brother sister hi ne.sachi ithe di zindgi wich aa ke tan insaan husna hi bhul janda hai.maa baap layi apne partner layi te khaas toor te apne baby layi waqt nikalna mushkal ho janda hai.par ih wi sach hai ik ih mithhi jail hai jis wich reha wi nahi janda te jis nu chadeya wi nahi janda.bus ik umeed jahi laggi rehndi hai.ik umeed ke watna too dur baithe haan.par duur baith ke hi sahi sade khatir sadi mehnat sadi hardwork de karan sadiyan kineya families khush te ne.bus ih hi soch ke dil nu tasali de layi di hai.
par main is post de zariye ih wi kehna chandi haan ke watnoo duur jaruur haan par dil haje wi punjabi hai te rub to dua kardi haan ke ke jini zindagi hai bus ik punjabi hi rahe.
best of luck for ur life.hasde raho......fir milan ge..........

rishi22722 18th November 2009 11:53 AM

Quote:

Originally Posted by sunita virender (Post 327693)
Rishi jiii namaskaar..............haal ki poocha tuhadi kalam ne sab kuj das dita hai, te sacchi eh pad ke dil bhar aayia, ki punjab di mitti vich pal ke, doodh malaiya kha ke pale sade bain te paraa uthey aini tanghaal zindgi jee rahe ne, par tuhadi gal v sahi hai, ki chauNde hoey bhi utho.n di sachai nahi das pauNde, tusi eh sab kuj aithe post karke bahut hi vadiya kita hai, kum se kum kuj nu te sahi samaj aaugi, ki jo sukh chajju de chubare oh balkh na bukhare

tuhadi es valuable post laye tuhanu mere walo.n reps +++


Rab Raakha

Bilkul theek Sunita ji, hun lagda hai ke jo sukh-suvidha apne vatan vich si, ohh ithe milna munasib nahi hai. Zindgi vich ki gua lia hun pta chalda hai...

rishi22722 18th November 2009 11:54 AM

Quote:

Originally Posted by tilakji (Post 328681)
Rishi Ji Bahut Hi Usefull Jaankaari Ditti. Shukriya Tuhaadaa Aur Tuhadi Kalam Da.

Wasdey Raho Te Rab Karey Ki Cheti Hi Settle Ho Jao.

Tilak Bhaji. Thanx for ur valuable post.

rishi22722 18th November 2009 11:59 AM

Quote:

Originally Posted by Tumhari_gazal (Post 329082)
rishi ji,sat shri akal,aj tuhadi ih post read kar ke bahut changa lga,ate dilo ih chahndi haan ke sadi young genration te iss da positive aasar pawe.kyon ki main tuhade dil di gaal nu changi tra samaj sakdi haan.wese wi england te austrelia dowe brother sister hi ne.sachi ithe di zindgi wich aa ke tan insaan husna hi bhul janda hai.maa baap layi apne partner layi te khaas toor te apne baby layi waqt nikalna mushkal ho janda hai.par ih wi sach hai ik ih mithhi jail hai jis wich reha wi nahi janda te jis nu chadeya wi nahi janda.bus ik umeed jahi laggi rehndi hai.ik umeed ke watna too dur baithe haan.par duur baith ke hi sahi sade khatir sadi mehnat sadi hardwork de karan sadiyan kineya families khush te ne.bus ih hi soch ke dil nu tasali de layi di hai.
par main is post de zariye ih wi kehna chandi haan ke watnoo duur jaruur haan par dil haje wi punjabi hai te rub to dua kardi haan ke ke jini zindagi hai bus ik punjabi hi rahe.
best of luck for ur life.hasde raho......fir milan ge..........

Ji Gazal, tusi vi behtar jande ho Pardes di life nu, hun sade punjabi veera ne australia to baad uk te dhava bolia hai. Jive ithe Students ne bura hal kita si, UK vi shuru ho gia hai. Sade veera nu samjh lena chahida hai ke pardes ja ke utho de sabhiachar te life nu samjhna must hai.


All times are GMT +5.5. The time now is 01:06 PM.

Powered by vBulletin® Version 3.8.5
Copyright ©2000 - 2024, Jelsoft Enterprises Ltd.